ਬਠਿੰਡਾ,- ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸਿਵਲ ਹਸਪਤਾਲ ਵਿਚ ਮੈਨੇਜਮੈਂਟ ਦੀ ਫੌਜਦਾਰੀ ਅਣਗਹਿਲੀ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਅਣਗਹਿਲੀ ਤਹਿਤ ਕਈ ਹਫਤਿਆਂ ਤੱਕ ਮਰੀਜ਼ਾਂ ਨੂੰ ਐਚ ਆਈ ਵੀ ਪਾਜ਼ੀਟਿਵ ਖੂਨ ਚੜ੍ਹਾਇਆ ਜਾਂਦਾ ਰਿਹਾ।

ਬਠਿੰਡਾ ਸਿਵਲ ਹਸਪਤਾਲ ਵਿਚ ਖੂਨ ਦੇ ਕੁਪ੍ਰਬੰਧਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੀ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ਵਿਚ ਫੌਰੀ ਕਾਰਵਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੈਂ ਮਾਮਲੇ ਦੀ ਜਾਂਚ ਅਤੇ ਬਠਿੰਡਾ ਸਿਵਲ ਹਸਪਤਾਲ ਮੈਨੇਜਮੈਂਟ ਵੱਲੋਂ ਇਸ ਅਣਹਿਲੀ ਦੀ ਫੌਜਦਾਰੀ ਕਾਰਵਾਈ ਲਈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੀ ਹਾਂ।
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਪੀ ਐਸ ਏ ਸੀ ਐਸ) ਨੇ ਹੀ ਕੁਝ ਮਰੀਜ਼ਾਂ ਨੂੰ ਐਚ ਆਈ ਵੀ ਖੂਨ ਚੜ੍ਹਾਏ ਜਾਣ ਦੇ ਮਾਮਲੇ ਦੀ ਪੜਤਾਲ ਦੌਰਾਨ ਪਾਇਆ ਸੀ ਕਿ ਖੂਨਦਾਨ ਬਾਰੇ ਨਿਯਮ ਤੋੜੇ ਗਏ ਹਨ ਤੇ ਅਜਿਹਾ ਹਸਪਤਾਲ ਵਿਚ ਕਈ ਹਫਤਿਆਂ ਤੱਕ ਹੁੰਦਾ ਰਿਹਾ।
ਸ੍ਰੀਮਤੀ ਬਾਦਲ ਨੇ ਹਸਪਤਾਲ ਮੈਨੇਜਮੈਂਟ ਦੀ ਮੁਆਫ ਨਾ ਕੀਤੀ ਜਾ ਸਕਣ ਵਾਲੀ ਗਲਤੀ ਲਈ ਸਿਵਲ ਸਰਜਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਮੁਖੀ ਵਜੋਂ ਤੁਸੀਂ ਤੁਹਾਡੀ ਜ਼ੁਲਮ ਢਾਹ ਰਹੇ ਸੀ ਤੇ ਤੁਹਾਡੇ ਅਧੀਨ ਸਟਾਫ ਵੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਆਪਣੇ ਗੈਰ ਹਾਜ਼ਰ ਹੋਣ ਕਾਰਨ ਪ੍ਰਸ਼ਾਸਨ ਠੱਪ ਹੋ ਗਿਆ ਹੈ ਤਾਂ ਫਿਰ ਅਸੀਂ ਅਧਿਕਾਰੀਆਂ ਤੋਂ ਜ਼ਿੰਮੇਵਾਰੀ ਦੀ ਕੀ ਤਵੱਕੋ ਰੱਖਾਂਗੇ ?
ਉਹਨਾਂ ਕਿਹਾ ਕਿ ਸਿਰਫ ਇਕ ਆਜ਼ਾਦਾਨਾ ਨਿਰਪੱਖ ਉਚ ਪੱਧਰੀ ਜਾਂਚ ਹੀ ਫੈਸਲਾ ਕਰ ਸਕਦੀ ਹੈ ਕਿ ਕਿਵੇਂ ਅਜਿਹਾ ਗੁਨਾਹ 6 ਮਹੀਨਿਆਂ ਤੱਕ ਪਹੁੰਦਾ ਰਿਹਾ ਤੇ ਜ਼ਿੰਮੇਵਾਰ ਅਨਸਰਾਂ ਦੀ ਪਛਾਣ ਵੀ ਤਾਂ ਹੀ ਹੋ ਸਕੇਗੀ। ਉਹਨਾਂ ਇਹ ਵੀ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਤੇ ਮਿਸਾਲੀ ਸਜ਼ਾ ਦਿੱਤੀ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਕ ਤਿੰਨ ਨੌਜਵਾਨ ਥੈਲੇਸੀਮੀਆ ਪੀੜਤਾਂ ਤੋਂ ਇਲਾਵਾ ਕਈ ਹੋਰਨਾਂ ਨੂੰ ਬਿਮਾਰੀ ਵਾਲਾ ਖੂਨ ਚੜ੍ਹਾ ਦਿੱਤਾ ਗਿਆ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਸਬੰਧਤ ਬਲੱਡ ਬੈਂਕ ਤੋਂ ਖੂਨ ਲਿਆ, ਉਹਨਾਂ ਦਾ ਮੁਫਤ ਟੈਸਟ ਕਰ ਕੇ ਇਸ ਅਣਗਹਿਲੀ ਕਾਰਨ ਜਿਹਨਾਂ ਨੂੰ ਮਾਰੂ ਬਿਮਾਰੀ ਤੋਂ ਪੀੜਤਾਂ ਦਾ ਖੂਨ ਚੜ੍ਹਿਆ ਉਹਨਾਂ ਦਾ ਮੁਫਤ ਇਲਾਜ ਯਕੀਨੀ ਬਣਾਉਣ।
ਸ੍ਰੀਮਤੀ ਬਾਦਲ ਨੇ ਇਸ ’ਤੇ ਵੀ ਗੰਭੀਰ ਹੈਰਾਨੀ ਪ੍ਰਗਟ ਕੀਤੀ ਕਿ ਪੀ ਸੀ ਏ ਸੀ ਐਸ ਨੇ ਪਾਇਆ ਹੈ ਕਿ ਬਲੱਡ ਬੈਂਕ ਵਿਚ ਇਮਾਰਤ ਦੇ ਨਵੀਨੀਕਰਨ ਦੌਰਾਨ ਛੇ ਮਹੀਨਿਆਂ ਤੋਂ ਲਾਜ਼ਮੀ ਐਲਾਇਜ਼ਾ ਟੈਸਟ ਵੀ ਨਹੀਂ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਖੂਨ ਦੀ ਜਾਂਚ ਰੈਪਿਡ ਟੈਸਟ ਕਿੱਟਾਂ ਰਾਹੀਂ ਕੀਤੀ ਜਾ ਰਹੀ ਸੀ ਜੋ ਕਿ ਬਹੁਤ ਹੀ ਨਾਵਾਜਬ ਅਤੇ ਅਜਿਹਾ ਸਿਰਫ ਐਮਰਜੰਸੀ ਦੌਰਾਨ ਹੀ ਹੁੰਦਾ ਹੈ।
ਉਹਨਾਂ ਕਿਹਾ ਕਿ ਇਹ ਸਿਰਫ ਬਹਾਨੇਬਾਜ਼ੀ ਹੈ। ਇਥੇ ਮਨੁੱਖੀ ਜੀਵਨ ਦਾਅ ’ਤੇ ਲੱਗੇ ਹਨ। ਹਸਪਤਾਲ ਵਿਚ ਪ੍ਰੋਟੋਕੋਲ ਅਨੁਸਾਰ ਬਦਲਵੇਂ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣੇ ਚਾਹੀਦੇ ਸਨ।